ਗੁਰਦੁਆਰਾ ਸੰਤ ਬਾਬਾ ਸਰਜਾ ਸਿੰਘ ਜੀ, ਜਲੰਧਰ-ਕਪੂਰਥਲਾ ਮੁੱਖ ਮਾਰਗ ਤੋਂ ਲਗਭਗ 02 ਕਿਲੋਮੀਟਰ ਦੂਰ ਪਿੰਡ ਢੱਪਈ (ਨਜਦੀਕ ਸਾਇੰਸ ਸਿਟੀ) ਵਿਖੇ ਸਥਿਤ ਹੈ । ਇਹ ਗੁਰੂ ਘਰ ਪਿੰਡ ਦੇ ਹੀ ਮਹਾਪੁਰਖ ਸੰਤ ਬਾਬਾ ਸਰਜਾ ਸਿੰਘ ਜੀ ਦੀ ਯਾਦ ਵਿੱਚ ਸ਼ੁਸ਼ੋਬਿਤ ਹੈ ।
ਪਿੰਡ ਦੇ ਹੀ ਵਾਸੀ ਸੰਤ ਬਾਬਾ ਸਰਜਾ ਸਿੰਘ ਜੀ ਜੋ ਕਿ ਭਗਤੀ ਅਤੇ ਸ਼ਕਤੀ ਦਾ ਸੁਮੇਲ ਸਨ । ਕਹਿੰਦੇ ਹਨ ਕਿ ਇੱਕ ਵਾਰ ਕਪੂਰਥਲਾ ਰਿਆਸਤ ਦਾ ਰਾਜਾ ਮਹਾਰਾਜਾ ਜਗਤਜੀਤ ਸਿੰਘ ਪਿੰਡ ਦੇ ਨੇੜੇ ਸ਼ਿਕਾਰ ਖੇਡਣ ਆਇਆ ਤਾਂ ਉਸਨੇ ਆਪਣੇ ਅਹਿਲਕਾਰਾਂ ਨੂੰ ਪਿੰਡ ਵਿੱਚੋਂ ਮੰਜੇ ਤੇ ਬਿਸਤਰੇ ਲਿਆਉਣ ਨੂੰ ਕਿਹਾ ਅਤੇ ਬਾਬਾ ਜੀ ਨੇ ਮਹਾਰਾਜਾ ਦੇ ਅਹਿਲਕਾਰਾਂ ਨੂੰ ਮੰਜੇ ਤੇ ਬਿਸਤਰੇ ਦੇਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਇਹ ਕੇਵਲ ਲੋੜਵੰਦਾਂ ਲਈ ਹਨ । ਇਹ ਗੱਲ ਸੁਣ ਕੇ ਮਹਾਰਾਜਾ ਜਗਤਜੀਤ ਸਿੰਘ ਖੁਦ ਬਾਬਾ ਜੀ ਕੋਲ ਪੁੱਜੇ ਤਾਂ ਉਹਨਾਂ ਨਾਲ ਬਚਨ ਬਿਲਾਸ ਕਰਨ ਉਪਰੰਤ ਉਹਨਾਂ ਦੀ ਸ਼ਖਸੀਅਤ ਅਤੇ ਭਗਤੀ ਨੂੰ ਦੇਖਦਿਆਂ ਤਕਰੀਬਨ 14 ਏਕੜ੍ਹ ਜਮੀਨ ਗੁਰਦੁਆਰਾ ਸਾਹਿਬ ਦੇ ਨਾਮ ਲਗਵਾ ਦਿੱਤੀ ।
ਗੁਰਦੁਆਰਾ ਸਾਹਿਬ ਵਿੱਚ ਸੁੰਦਰ ਦਰਬਾਰ ਹਾਲ ਬਣਿਆ ਹੋਇਆ ਹੈ ਅਤੇ ਸਾਰੇ ਗੁਰੂ ਸਾਹਿਬਾਨਾਂ, ਭਗਤਾਂ ਅਤੇ ਹੋਰ ਮਹਾਂਪੁਰਖਾ ਜਿਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਉਹਨਾਂ ਦੇ ਦਿਹਾੜ੍ਹੇ ਬਹੁਤ ਸ਼ਰਧਾ ਅਤੇ ਸਤਿਕਾਰ ਨਾਲ ਮਨਾਏ ਜਾਂਦੇ ਹਨ । ਇਸ ਤੋਂ ਇਲਾਵਾ ਸੰਤ ਬਾਬਾ ਸਰਜਾ ਸਿੰਘ ਜੀ ਦੀ ਸਲਾਨਾ ਬਰਸੀ ਅਤੇ ਮਾਘੀ ਦਾ ਮੇਲਾ ਹਲਟ (ਖੂਹ) ਦੌੜਾ ਸਮੂਹ ਨਗਰ ਅਤੇ ਇਲਾਕਾ ਨਿਵਾਸੀ ਸੰਗਤਾਂ, ਨੌਜਵਾਨ ਵੀਰਾਂ ਅਤੇ ਐੱਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਵੱਡੇ ਪੱਧਰ ਤੇ ਮਨਾਏ ਜਾਂਦੇ ਹਨ ।
ਇਸ ਤੋਂ ਇਲਾਵਾ ਹਰ ਰੋਜ ਸਵੇਰੇ ਗੁਰਬਾਣੀ ਦੀ ਵਿਆਖਿਆ ਅਤੇ ਸ਼ਾਮ ਨੂੰ ਇਤਿਹਾਸ ਦੀ ਕਥਾ ਹੁੰਦੀ ਹੈ ।

